ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, November 21, 2012

ਜੰਕ ਫੂਡ ਬਾਰੇ ਸਰਕਾਰੀ ਨੀਤੀ ਕੀ ਹੋਵੇ?


ਆਮ ਤੌਰ ਉੱਤੇ ਫਾਸਟ ਫੂਡ, ਜੰਕ ਫੂਡ, ਸਟਰੀਟ ਫੂਡ ਤੇ ਇਨਸਟੈਂਟ ਫੂਡ ਵਰਗੇ ਨਾਮਕਰਣਾਂ ਨੂੰ ਇੱਕੋ ਕੜੀ ਵਿਚ ਪਿਰੋ ਕੇ ਫਾਸਟ ਫੂਡ ਹੀ ਗਿਣ ਲਿਆ ਜਾਂਦਾ ਹੈ। ਅਸਲ ਵਿਚ ਹਰ ਫਾਸਟ ਫੂਡ (ਛੇਤੀ ਬਣ ਜਾਣ ਵਾਲਾ ਖਾਣਾ) ਜੰਕ ਫੂਡ (ਹਾਨੀਕਾਰਕ ਖਾਣਾ) ਨਹੀਂ ਗਿਣਿਆ ਜਾਣਾ ਚਾਹੀਦਾ, ਪਰ ਇਹ ਸਹੀ ਹੈ ਕਿ ਜ਼ਿਆਦਾਤਰ ਜੰਕ ਫੂਡ ਛੇਤੀ ਬਣ ਜਾਣ ਵਾਲੇ ਹੁੰਦੇ ਹਨ। ਇਹ ਤਾਂ ਸ਼ੁਕਰ ਹੈ ਕਿ ਜੰਕ ਫੂਡ ਵਿਚ ਵਧੀਆ ਖ਼ੁਰਾਕ ਦੇ ਤੱਤ ਪਾ ਕੇ ਉਸ ਨੂੰ ਸੰਤੁਲਿਤ ਖ਼ੁਰਾਕ ਵਿਚ ਤਬਦੀਲ ਜ਼ਰੂਰ ਕੀਤਾ ਜਾ ਸਕਦਾ ਹੈ।
ਦਰਅਸਲ ਜ਼ਿੰਦਗੀ ਦੀ ਰਫਤਾਰ ਵਾਂਗ ਹੀ ਖਾਣ ਦਾ ਵਕਤ ਘਟ ਹੋਣ ਕਾਰਨ ਬਹੁਤੇ ਕੰਮਕਾਜੀ ਅਤੇ ਸਕੂਲਾਂ ਕਾਲਜਾਂ ਵਿਚ ਪੜ੍ਹ ਰਹੇ ਬੱਚੇ ਤੁਰਦੇ ਫਿਰਦੇ ਹੀ ਘਟ ਤੋਂ ਘਟ ਵਕਤ ਵਿਚ ਬਣ ਜਾਣ ਵਾਲੀਆਂ ਚੀਜ਼ਾਂ ਖਾਣ ਨੂੰ ਤਰਜੀਹ ਦੇਣ ਲੱਗ ਪਏ ਹਨ।
ਜਿਸ ਘਰ ਵਿਚ ਮਾਪੇ ਕੰਮਕਾਜੀ ਹੋਣ ਤੇ ਬੱਚੇ ਸਕੂਲੀ ਪੜ੍ਹਾਈ ਤੋਂ ਬਾਅਦ ਟਿਊਸ਼ਨਾਂ ਵਿਚ ਰੁੱਝੇ ਪਏ ਹੋਣ, ਉੱਥੇ ਰਸੋਈ ਵਿਚ ਵੜਨ ਦਾ ਕਿਸੇ ਕੋਲ ਸਮਾਂ ਹੀ ਨਹੀਂ ਹੁੰਦਾ। ਸੋ ਨਤੀਜਾ – ਫਾਸਟ ਫੂਡਜ਼!
ਸਿਰਫ਼ ਇਹ ਹੀ ਨਹੀਂ, ਇਸ਼ਤਿਹਾਰਬਾਜ਼ੀ ਦਾ ਕਮਾਲ, ਦੋਸਤਾਂ ਮਿਤਰਾਂ ਵਿਚ ਸ਼ਾਨ, ਮਜ਼ੇਦਾਰ ਸੁਆਦ ਅਤੇ ਘਟ ਕੀਮਤ ਵੀ ਇਸ ਪਾਸੇ ਵੱਲ ਮਾਨਸਿਕਤਾ ਦਾ ਝੁਕਾਓ ਕਰ ਰਹੀ ਹੈ।...
ਫਾਸਟ ਫੂਡਜ਼ ਵਾਲੇ ਵੀ ਗਿਣੇ ਚੁਣੇ ਹੀ ਖਾਣੇ ਰੱਖਦੇ ਹਨ ਤਾਂ ਜੋ ਵੱਡੀ ਮਾਤਰਾ ਵਿਚ ਝਟ ਚੀਜ਼ਾਂ ਤਿਆਰ ਕੀਤੀਆਂ ਜਾ ਸਕਣ। ਇਹ ਝਟ ਤਿਆਰ ਹੋਣ ਵਾਲੀਆਂ ਚੀਜ਼ਾਂ ਇੱਕੋ ਨਾਪ ਤੋਲ ਤੇ ਮਿਕਦਾਰ ਨਾਲ ਪਹਿਲਾਂ ਹੀ ਕੱਚਾ ਮਾਲ ਤਿਆਰ ਕਰ ਕੇ ਵੱਖੋ ਵੱਖ ਖਾਣ ਦੀਆਂ ਥਾਵਾਂ ਉੱਤੇ ਕੋਲਡ ਸਟੋਰ ਰਾਹੀਂ ਪਹੁੰਚਾਈਆਂ ਜਾਂਦੀਆਂ ਹਨ ਜਿੱਥੇ ਮਾਈਕਰੋਵੇਵ ਰਾਹੀਂ ਗਰਮ ਕਰ ਕੇ ਜਾਂ ਖੁੱਲ੍ਹੇ ਤੇਲ ਵਿਚ ਤਲ ਕੇ ਮਿੰਟਾਂ ਵਿਚ ਪਰੋਸ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਵਾਧੂ ਘਿਓ, ਖੰਡ ਤੇ ਵਾਧੂ ਲੂਣ ਇਨ੍ਹਾਂ ਵਿਚ ਭਰ ਦਿੱਤਾ ਜਾਂਦਾ ਹੈ ਤਾਂ ਜੋ ਇਹ ਚੀਜ਼ਾਂ ਜ਼ਿਆਦਾ ਦੇਰ ਤਕ ਵਰਤੀਆਂ ਜਾ ਸਕਣ। ਇਹੀ ਵਾਧੂ ਘਿਓ, ਖੰਡ ਤੇ ਲੂਣ ਆਮ ਆਦਮੀ ਤੇ ਬੱਚਿਆਂ ਦੀ ਸਿਹਤ ਦਾ ਨਾਸ ਮਾਰ ਦਿੰਦਾ ਹੈ।
ਜਿਹੜੇ ਬੱਚੇ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਨਾਸ਼ਤਾ ਕੀਤੇ ਬਗ਼ੈਰ ਭੱਜ ਰਹੇ ਹੋਣ ਜਾਂ ਸਕੂਲ ਵਿਚ ਨਾਲ ਖਾਣਾ ਨਾ ਲਿਜਾ ਰਹੇ ਹੋਣ, ਉਨ੍ਹਾਂ ਲਈ ਫਾਸਟ-ਫੂਡ ਅਤੇ ਜੰਕ-ਫੂਡ ਲੈਣਾ ਮਜਬੂਰੀ ਬਣ ਜਾਂਦੀ ਹੈ।

ਹਰ ਸਕੂਲ, ਕਾਲਜ ਕੰਮਕਾਰ ਵਾਲੀ ਥਾਂ ਅਤੇ ਖ਼ਰੀਦੋ ਫਰੋਖ਼ਤ ਵਾਲੀਆਂ ਥਾਵਾਂ ਉੱਤੇ ਇਹ ਫਾਸਟ ਫੂਡਜ਼ ਅਤੇ ਜੰਕ ਫੂਡਜ਼ ਦੇ ਅੱਡੇ ਖੁੱਲ੍ਹ ਜਾਣ ਨਾਲ ਬਦੋਬਦੀ ਲੋੜ ਤੋਂ ਵਧ ਖਾਣਾ ਖਾਧਾ ਜਾਣ ਲੱਗ ਪਿਆ ਹੈ।
ਅਮੀਰੀ ਗ਼ਰੀਬੀ ਦਾ ਪਾੜਾ ਘਟਾਉਣ ਵਿਚ ਜੁਟੇ ਇਹ ਅੱਡੇ ਇੱਕੋ ਵੇਲੇ ਇੱਕੋ ਥਾਂ ਜ਼ਿਆਦਾ ਤੇ ਘਟ ਕੀਮਤ ਦੇ ਖਾਣੇ ਤਿਆਰ ਕਰਨ ਲੱਗ ਪਏ ਹਨ, ਜਿਸ ਸਦਕਾ ਗ਼ਰੀਬ ਲੋਕਾਂ ਦੇ ਬੱਚੇ ਵੀ ਆਪਣੇ ਆਪ ਨੂੰ ਉੱਚਾ ਸਾਬਤ ਕਰਨ ਦੇ ਚੱਕਰ ਵਿਚ ਅਜਿਹੇ ਫਾਸਟ ਫੂਡ ਕਾਰਨਰਾਂ ਵਿਚ ਸਸਤਾ ਬਰਗਰ ਖਾ ਕੇ ਮਾਨਸਿਕ ਪੱਖੋਂ ਵਧੀਆ ਮਹਿਸੂਸ ਕਰਦੇ ਹਨ।
ਏਨੀ ਡੂੰਘੀ ਮਾਰ ਸਦਕਾ ਬੱਚੇ ਹੌਲੀ ਹੌਲੀ ਘਰੋਂ ਮਿਲਿਆ ਸੰਤੁਲਿਤ ਭੋਜਨ ਤਿਆਗ ਕੇ ਪੂਰੀ ਤਰ੍ਹਾਂ ਇਨ੍ਹਾਂ ਕੰਪਨੀਆਂ ਦੀ ਪਕੜ ਵਿਚ ਆ ਚੁੱਕੇ ਹਨ, ਜੋ ਹਰ ਫਾਸਟ ਫੂਡ ਜਾਇੰਟਾਂ ਦੀ ਭੀੜ ਸਪਸ਼ਟ ਕਰ ਰਹੀ ਹੈ।
ਬੱਚਿਆਂ ਵਿਚ ਵਧ ਰਹੇ ਮੋਟਾਪੇ, ਦਿਲ ਦੀਆਂ ਬੀਮਾਰੀਆਂ ਤੇ ਸ਼ੱਕਰ ਰੋਗ ਨੂੰ ਵੇਖਦੇ ਹੋਏ, ਵਿਕਸਿਤ ਦੇਸ਼ਾਂ ਦੇ ਸਕੂਲਾਂ ਵਿਚ ਫਾਸਟ ਫੂਡਜ਼ ਤੇ ਜੰਕ ਫੂਡਜ਼ ਦੀਆਂ ਦੁਕਾਨਾਂ ਅਤੇ ਬੱਚਿਆਂ ਦੇ ਘਰੋਂ ਮਿਲ ਰਹੇ ਦੁਪਹਿਰ ਦੇ ਖਾਣਿਆਂ ਦੇ ਡੱਬਿਆਂ ਵਿਚ ਬਿਸਕੁਟ, ਨੂਡਲਜ਼, ਚਿਪਸ ਤੇ ਹੋਰ ਜੰਕ ਫੂਡਜ਼ ਪੂਰਨ ਰੂਪ ਵਿਚ ਬੰਦ ਕਰ ਦਿੱਤੇ ਗਏ ਹਨ।
ਭਾਰਤ ਵਿਚ ਵੀ ਗਿਣੇ ਚੁਣੇ ਕੁੱਝ ਸਕੂਲ, ਬੱਚਿਆਂ ਦੇ ਦੁਪਹਿਰ ਵੇਲੇ ਭੇਜੇ ਜਾ ਰਹੇ ਖਾਣਿਆਂ ਦੇ ਡੱਬਿਆਂ ਵਿਚ ਸੰਤੁਲਿਤ ਖ਼ੁਰਾਕ ਵਾਲੇ ਭੋਜਨ ਭੇਜਣ ਦੀ ਹਦਾਇਤ ਕਰਨ ਲੱਗ ਪਏ ਹਨ। ਅਕਸ਼ੇਪਤਰ ਫਾਊਂਡੇਸ਼ਨ ਨਾਂ ਦੀ ਐਨ.ਜੀ.ਓ. ਵੀ ਭਾਰਤ ਵਿਚਲੇ ਕਈ ਸਰਕਾਰੀ ਸਕੂਲਾਂ ਵਿਚ ਮਿਡ-ਡੇਅ-ਮੀਲ ਤਹਿਤ ਸੰਤੁਲਿਤ ਖ਼ੁਰਾਕ ਮੁਹੱਈਆ ਕਰਵਾ ਰਹੀ ਹੈ।
ਯੂਰਪ ਵਿਚਲੇ ਕਈ ਦੇਸ਼ਾਂ ਵਿਚ ਤਾਂ ਪ੍ਰਾਇਮਰੀ ਸਕੂਲਾਂ ਵਿਚ ਇਨ੍ਹਾਂ ਫਾਸਟ ਫੂਡ ਅਤੇ ਜੰਕ ਫੂਡ ਖਾਣਿਆਂ ਦਾ ਇਸ਼ਤਿਹਾਰ ਲਗਾਉਣਾ ਵੀ ਮਨ੍ਹਾਂ ਹੈ!
ਇਸ ਤੋਂ ਪਹਿਲਾਂ ਕਿ ਮੈਂ ਇਨ੍ਹਾਂ ਖਾਣਿਆਂ ਦਾ ਸਰੀਰ ਉੱਤੇ ਹੁੰਦੇ ਮਾੜੇ ਅਸਰਾਂ ਬਾਰੇ ਜ਼ਿਕਰ ਕਰਾਂ, ਪਹਿਲਾਂ ਫਾਸਟ ਫੂਡ ਅਤੇ ਜੰਕ ਫੂਡ ਵਿਚਲਾ ਪੂਰਾ ਅੰਤਰ ਸਮਝਣ ਦੀ ਲੋੜ ਹੈ।
1. ਫਾਸਟ ਫੂਡ: ਇਹ ਖਾਣੇ ਰੈਸਟੋਰਾਂ ਜਾਂ ਦੁਕਾਨ ਵਿਚ ਛੇਤੀ ਬਣਾ ਕੇ ਖਾਣ ਜਾਂ ਪੈਕ ਕਰਨ ਵਾਲੇ ਹੁੰਦੇ ਹਨ।  ਮਸਲਨ, ਬਰਗਰ, ਪੀਜ਼ਾ, ਆਲੂ ਫਰਾਈਜ਼, ਹੈਮਬਰਗਰ ਪੈਟੀ, ਨਗਟ, ਪਕੌੜੇ, ਸਮੋਸਾ, ਨਮਕੀਨ ਦਾਲਾਂ, ਭੁਜੀਆ, ਆਦਿ।
2. ਜੰਕ ਫੂਡ: ਉਹ ਖਾਣੇ ਜਿਹੜੇ ਵਾਧੂ ਘਿਓ, ਖੰਡ ਤੇ ਲੂਣ ਭਰਪੂਰ ਹੋਣ ਅਤੇ ਬਹੁਤ ਜ਼ਿਆਦਾ ਕੈਲਰੀਆਂ ਵਾਲੇ ਹੋਣ ਪਰ ਇਨ੍ਹਾਂ ਵਿਚ ਸੰਤੁਲਿਤ ਖ਼ੁਰਾਕ ਵਾਲਾ ਅੰਸ਼ ਨਾ ਬਰਾਬਰ ਹੋਵੇ, ਮਸਲਨ, ਪ੍ਰੋਟੀਨ, ਫਾਈਬਰ, ਵਿਟਾਮਿਨ ਤੇ ਮਿਨਰਲ ਨਾ ਬਰਾਬਰ ਹੋਣ।
ਇਹ ਹਨ : ਚਿੱਪਸ, ਚੌਕਲੇਟ, ਆਈਸਕਰੀਮ, ਸੋਡੇ, ਬਰਗਰ (ਬਿਨਾਂ ਸਬਜ਼ੀਆਂ), ਪੀਜ਼ਾ (ਬਿਨਾਂ ਸਬਜ਼ੀਆਂ), ਆਦਿ।
3. ਇਨਸਟੈਂਟ ਫੂਡ: ਇਹ ਉਹ ਖਾਣੇ ਹੁੰਦੇ ਹਨ ਜਿਹੜੇ ਪ੍ਰੋਸੈੱਸ ਕਰ ਕੇ ਯਾਨੀ ਪੂਰੀ ਤਰ੍ਹਾਂ ਬਣਾ ਕੇ ਪਾਊਡਰ ਜਾਂ ਸੇਵੀਆਂ ਦੀ ਸ਼ਕਲ ਵਿਚ ਪੇਸ਼ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਨੂੰ ਪਾਣੀ ਜਾਂ ਦੁੱਧ ਵਿਚ ਉਬਾਲ ਕੇ ਜਾਂ ਘੋਲ ਕੇ ਵਰਤਿਆ ਜਾ ਸਕਦਾ ਹੈ, ਮਸਲਨ, ਨੂਡਲਜ਼, ਕੌਰਨ ਫਲੇਕਸ, ਸੂਪ ਪਾਊਡਰ, ਆਦਿ।
4. ਸਟਰੀਟ ਫੂਡਜ਼: ਅੱਧ ਪਚੱਧ ਬਣੇ ਖਾਣੇ ਜਿਨ੍ਹਾਂ ਨੂੰ ਗਲੀਆਂ ਵਿਚ ਰੇੜ੍ਹੀਆਂ ਉੱਤੇ ਮਿੰਟਾਂ ਵਿਚ ਤਿਆਰ ਕਰ ਕੇ ਵੇਚਦੇ ਵੇਖਿਆ ਜਾ ਸਕਦਾ ਹੈ, ਮਸਲਨ ਚਾਟ, ਗੋਲਗੱਪੇ, ਟਿੱਕੀ, ਨੂਡਲਜ਼, ਚਾਓਮੇਂ, ਬਰਗਰ, ਆਦਿ।
ਪੰਜਾਬੀਆਂ ਵੱਲੋਂ ਪਸੰਦ ਕੀਤੇ ਜਾ ਰਹੇ ਫਾਸਟ ਫੂਡਜ਼ ਵਿਚ ਆਲੂ ਟਿੱਕੀ, ਭੇਲ-ਪੂਰੀ, ਚਾਟ, ਪਕੌੜੇ, ਛੋਲੇ ਭਠੂਰੇ, ਪਾਵ-ਭਾਜੀ, ਢੋਕਲਾ, ਸਮੋਸਾ, ਗੋਲਗੱਪੇ ਆਦਿ ਵਿਚ ਕੈਲਰੀਆਂ ਤੇ ਥਿੰਦਾ ਏਨਾ ਜ਼ਿਆਦਾ ਹੁੰਦਾ ਹੈ ਕਿ ਪੁੱਛੋ ਨਾ! ਤਲ-ਤਲ ਕੇ ਇਨ੍ਹਾਂ ਨੂੰ ਟਰਾਂਸ-ਫੈਟ ਅਤੇ ਸੈਚੂਰੇਟਿਡ ਥਿੰਦੇ ਨਾਲ ਏਨਾ ਭਰਪੂਰ ਕਰ ਦਿੱਤਾ ਜਾਂਦਾ ਹੈ ਕਿ ਸਿਹਤ ਦਾ ਨਾਸ ਵੱਜ ਜਾਂਦਾ ਹੈ।
ਤੰਦੂਰੀ ਖਾਣੇ ਜਾਂ ਬੇਕ ਅਤੇ ਰੋਸਟ ਕੀਤੇ ਖਾਣੇ ਇਨ੍ਹਾਂ ਤੋਂ ਬਿਹਤਰ ਹੁੰਦੇ ਹਨ ਕਿਉਂਕਿ ਉਨ੍ਹਾਂ ਵਿਚ ਥਿੰਦੇ ਹੀ ਮਾਤਰਾ ਘਟ ਹੁੰਦੀ ਹੈ।
ਆਮ ਘਰਾਂ ਵਿਚ ਵਰਤਿਆ ਜਾ ਰਿਹਾ ਹਾਈਡਰੋਜਿਨੇਟਿਡ ਤੇਲ (ਡਾਲਡਾ) ਟਰਾਂਸ ਫੈਟ ਵਿਚ ਲਬਾਲਬ ਹੁੰਦਾ ਹੈ, ਜਦਕਿ ਰਿਫਾਇੰਡ ਤੇਲ ਸਰੀਰ ਲਈ ਠੀਕ ਰਹਿੰਦਾ ਹੈ।
ਪਛਮੀ ਦੇਸ਼ਾਂ ਨਾਲੋਂ ਭਾਰਤ ਦੇ ਖਾਣਿਆਂ ਵਿਚ ਕਿੰਨਾ ਜ਼ਿਆਦਾ ਟਰਾਂਸ ਫੈਟ ਹੁੰਦਾ ਹੈ ਇਹ ਇਨ੍ਹਾਂ ਅੰਕੜਿਆਂ ਤੋਂ ਸਪਸ਼ਟ ਪਤਾ ਲੱਗ ਸਕਦਾ ਹੈ।
- ਭਠੂਰੇ ਵਿਚ 9.5 ਪ੍ਰਤੀਸ਼ਤ
- ਪਰੌਂਠੇ ਵਿਚ 7.8 ਪ੍ਰਤੀਸ਼ਤ
- ਪੂੜੀ ਵਿਚ 7.6 ਪ੍ਰਤੀਸ਼ਤ
ਹੁਣ ਦੂਜੇ ਪਾਸੇ ਝਾਤ ਮਾਰੀਏ : ਫਰੈਂਚ ਫਰਾਈਜ਼ (ਆਲੂ) – 4.2 ਪ੍ਰਤੀਸ਼ਤ।
ਇਨ੍ਹਾਂ ਨਾਲੋਂ ਦੱਖਣੀ ਖਾਣੇ ਜਿਵੇਂ ਇਡਲੀ ਤੇ ਉੱਤਪਮ ਜ਼ਿਆਦਾ ਚੰਗੇ ਹਨ ਕਿਉਂਕਿ ਉਨ੍ਹਾਂ ਵਿਚ ਥਿੰਦਾ ਘਟ ਹੁੰਦਾ ਹੈ ਤੇ ਉਹ ਪ੍ਰੋਟੀਨ ਤੇ ਕਾਰਬੋਹਾਈਡ੍ਰੇਟ ਭਰਪੂਰ ਹੁੰਦੇ ਹਨ।
ਹਾਲਾਂਕਿ ਬਹੁਤ ਸਾਰੇ ਮਾਪਿਆਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਬੱਚੇ ਮੋਟਾਪੇ ਦੇ ਸ਼ਿਕਾਰ ਹੋ ਰਹੇ ਹਨ ਤੇ ਇਸ ਦਾ ਕਾਰਨ ਅਜਿਹੇ ਖਾਣਿਆਂ ਵਿਚਲੀ ਖੰਡ, ਥਿੰਦੇ ਅਤੇ ਕੈਲਰੀਆਂ ਹਨ, ਫਿਰ ਵੀ ਮਾਪੇ ਉਦੋਂ ਤਕ ਧਿਆਨ ਨਹੀਂ ਕਰਦੇ ਜਦੋਂ ਤਕ ਇਸ ਮਾੜੀ ਖ਼ੁਰਾਕ ਨਾਲ ਉਨ੍ਹਾਂ ਦੇ ਬੱਚੇ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਨਾ ਹੋ ਜਾਣ ਅਤੇ ਸਰੀਰ ਦੇ ਅੰਗਾਂ ਵਿਚ ਵਾਧੂ ਥਿੰਦਾ ਨਾ ਜੰਮ ਜਾਏ ਤੇ  ਸ਼ੱਕਰ ਰੋਗ ਦੀ ਸ਼ੁਰੂਆਤ ਨਾ ਦਿਸ ਜਾਏ।
ਇਨ੍ਹਾਂ ਅਧ ਪੱਕੇ ਖਾਣਿਆਂ ਨੂੰ ਜਦੋਂ ਦੂਜੀ ਥਾਂ ਭੇਜਿਆ ਜਾਂਦਾ ਹੈ ਤਾਂ ਕਈ ਵਾਰ ਪੂਰਾ ਧਿਆਨ ਨਾ ਰੱਖਣ ਦੀ ਸੂਰਤ ਵਿਚ ਇਨ੍ਹਾਂ ਵਿਚ ਕੀਟਾਣੂ ਹਮਲਾ ਬੋਲ ਸਕਦੇ ਹਨ, ਜਿਨ੍ਹਾਂ ਨੂੰ ਖਾਂਦੇ ਸਾਰ ਫੂਡ ਪਾਇਜ਼ਨਿੰਗ ਜਾਂ ਮੌਤ ਵੀ ਹੋ ਸਕਦੀ ਹੈ।
ਇਕ ਗੱਲ ਦਾ ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਵੇ ਕਿ ਸ਼ਰਾਬ ਜਾਂ ਹੋਰ ਨਸ਼ਿਆਂ ਦੀ ਤਰ੍ਹਾਂ ਇਹ ਵੀ ਆਦੀ ਬਣਾਉਣ ਵਾਲੇ ਖਾਣੇ ਹਨ। ਜਿਉਂ ਹੀ ਇਕ ਵਾਰ ਅਜਿਹੀ ਚੀਜ਼ ਖਾਧੀ ਗਈ, ਇਸ ਦੇ ਵਧੀਆ ਦਿਖ ਵਾਲੇ ਇਸ਼ਤਿਹਾਰ ਦਿਮਾਗ਼ ਦਾ ਵਖਰਾ ਕੋਨਾ ਮੱਲ ਲੈਂਦੇ ਹਨ ਤੇ ਸੁਆਦ ਵਾਲਾ ਖਾਨਾ ਵਖਰਾ ਮੱਲਿਆ ਜਾਂਦਾ ਹੈ। ਬਸ ਫੇਰ ਦੁਬਾਰਾ ਇਨ੍ਹਾਂ ਦੇ ਦਿਸਦੇ ਹੀ ਨਜ਼ਰ ਰਾਹੀਂ ਸੁਨੇਹਾ ਦਿਮਾਗ਼ ਨੂੰ ਪਹੁੰਚਦਾ ਹੈ ਤੇ ਦੋਵਾਂ ਖ਼ਾਨਿਆਂ ਤੋਂ ਵਾਪਸ ਜੀਭ ਤਕ ਸੁਨੇਹਾ ਪਹੁੰਚ ਜਾਂਦਾ ਹੈ ਜੋ ਲਾਰਾਂ ਛੱਡਣ ਲੱਗ ਪੈਂਦੀ ਹੈ ਤੇ ਢਿੱਡ ਅੰਦਰ ਭੁੱਖ ਨਾਲ ਕੜਵੱਲ ਪੈ ਰਹੇ ਮਹਿਸੂਸ ਹੋਣ ਲੱਗ ਪੈਂਦੇ ਹਨ। ਨਤੀਜਾ-ਫਾਸਟ ਫੂਡਜ਼ ਕਾਰਨਰ ਵਲ ਬਦੋਬਦੀ ਪੈਰਾਂ ਦਾ ਤੁਰਨਾ ਤੇ ਕਹਿਰ ਵਿਚਾਰੇ ਢਿੱਡ ਉੱਤੇ ਢਹਿ ਪੈਂਦਾ ਹੈ, ਜਿਹੜਾ ਟਰਾਂਸ ਫੈਟ ਨੂੰ ਨਾ ਸਹਾਰਦੇ ਹੋਏ ਉਸ ਨੂੰ ਦਿਲ ਵੱਲ ਧੱਕ ਦਿੰਦਾ ਹੈ ਜਿਸ ਨਾਲ ਦਿਲ ਦਾ ਰੋਗ ਸ਼ੁਰੂ ਹੋ ਜਾਂਦਾ ਹੈ।
ਇਹ ਖਾਣੇ ਸਿਰਫ ਆਮ ਖਾਣੇ ਨਾਲੋਂ ਦੁਗਣੀਆਂ ਕੈਲਰੀਆਂ ਸਦਕਾ ਹੀ ਨਹੀਂ ਬਲਕਿ ਲੋੜੀਂਦੇ ਤੱਤਾਂ ਤੋਂ ਰਹਿਤ ਹੋਣ ਕਾਰਨ ਵੀ ਸਰੀਰ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਨ੍ਹਾਂ ਵਿਚ ਕੈਰੋਟੀਨ, ਵਿਟਾਮਿਨ ਏ, ਵਿਟਾਮਿਨ ਸੀ, ਕੈਲਸ਼ੀਅਮ, ਮੈਗਨੀਸ਼ੀਅਮ ਨਾਂਹ ਦੇ ਬਰਾਬਰ ਹਨ ਤੇ ਮਿੱਠਾ ਬੇਹਿਸਾਬ। ਇਸੇ ਲਈ ਜਿੱਥੇ ਇਕ ਪਾਸੇ ਸਰੀਰ ਵਿਚ ਕੈਲਸ਼ੀਅਮ ਦੇ ਘਟਣ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਉੱਥੇ ਦੰਦਾਂ ਦਾ ਵੀ ਖੋੜਾਂ ਨਾਲ ਨਾਸ ਵੱਜ ਜਾਂਦਾ ਹੈ।
ਜੰਕ ਫੂਡ ਵਿਚਲੇ ਰੰਗ ਬਹੁਤੀ ਵਾਰ ਖਾਣ ਜੋਗੇ ਨਹੀਂ ਹੁੰਦੇ। ਇਨ੍ਹਾਂ ਕਰਕੇ ਬੱਚਿਆਂ ਵਿਚ ਇਕਾਗਰਤਾ ਦੀ ਕਮੀ ਹੋ ਸਕਦੀ ਹੈ। ਟਿਕ ਕੇ ਨਾ ਬਹਿ ਸਕਣਾ, ਯਾਦਦਾਸ਼ਤ ਦੀ ਕਮੀ, ਆਦਿ ਵੀ ਵੇਖੀ ਗਈ ਹੈ। ਹੋਰ ਤਾਂ ਹੋਰ, ਕੁੱਝ ਬੱਚੇ ਰਿਸ਼ਤੇ ਨਿਭਾਉਣ ਜਾਂ ਦੋਸਤੀਆਂ ਨਿਭਾਉਣ ਵਿਚ ਵੀ ਅਸਮਰਥ ਹੋ ਜਾਂਦੇ ਹਨ ਤੇ ਕੁੱਝ ਖੇਡਾਂ ਤੋਂ ਪੂਰੀ ਤਰ੍ਹਾਂ ਮੂੰਹ ਮੋੜਨ ਲੱਗ ਲੈਂਦੇ ਹਨ। ਕਈ ਬੱਚੇ ਮੋਟਾਪੇ ਕਾਰਨ ਪਰ੍ਹਾਂ ਬਹਿਣਾ ਪਸੰਦ ਕਰਨ ਲੱਗ ਪੈਂਦੇ ਹਨ ਤਾਂ ਜੋ ਹੋਰ ਬੱਚਿਆਂ ਤੋਂ ਛੇੜੇ ਜਾਣ ਤੋਂ ਬਚ ਸਕਣ।
ਏਨੇ ਨੁਕਸ ਵੇਖਦੇ ਹੋਏ ਕੀ ਹਾਲੇ ਵੀ ਵਕਤ ਨਹੀਂ ਆ ਚੁੱਕਿਆ ਕਿ ਵਿਕਸਿਤ ਦੇਸ਼ਾਂ ਵਾਂਗ ਕੋਈ ਨੈਸ਼ਨਲ ਪਾਲਿਸੀ ਬਣਾ ਕੇ ਅਸੀਂ ਵੀ ਆਪਣੇ ਬੱਚਿਆਂ ਨੂੰ ਪੱਕੇ ਰੋਗੀ ਹੋਣ ਤੋਂ ਬਚਾ ਲਈਏ?
ਸਭ ਤੋਂ ਵਧ ਜ਼ਰੂਰੀ ਹੈ ਹਰ ਸਕੂਲ ਅੰਦਰ ਛੋਟੀਆਂ ਕਲਾਸਾਂ ਤੋਂ ਹੀ ਖਾਣੇ ਪ੍ਰਤੀ ਬੱਚਿਆਂ ਨੂੰ ਜਾਣਕਾਰੀ ਦੇਣੀ ਕਿ ਸੰਤੁਲਿਤ ਖ਼ੁਰਾਕ ਕੀ ਹੈ ਤੇ ਇਸ ਦੀ ਕੀ ਮਹੱਤਤਾ ਹੈ। ਅਜਿਹਾ ਸਕੂਲ ਦੇ ਪਾਠ´ਮ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਤੇ ਡਾਕਟਰਾਂ ਤੋਂ ਲੋੜੀਂਦੇ ਲੈਕਚਰ ਵੀ ਦਿਵਾਉਣੇ ਚਾਹੀਦੇ ਹਨ।
ਦੂਜਾ ਜ਼ਰੂਰੀ ਤੇ ਅਹਿਮ ਰੋਲ ਟੀਚਰਾਂ ਦਾ ਹੈ ਜੋ ਬੱਚਿਆਂ ਅਤੇ ਮਾਪਿਆਂ ਦੋਹਾਂ ਨੂੰ ਸੰਤੁਲਿਤ ਖ਼ੁਰਾਕ ਵਲ ਧਿਆਨ ਦੇਣ ਉੱਤੇ ਮਜਬੂਰ ਕਰ ਸਕਦੇ ਹਨ।
ਤੀਜਾ ਕੰਮ ਸਰਕਾਰ ਉੱਤੇ ਨਿਰਭਰ ਹੈ। ਸੰਤੁਲਿਤ ਤੇ ਸਿਹਤਮੰਦ ਖ਼ੁਰਾਕ ਤੋਂ ਬਣੇ ਫਾਸਟ ਫੂਡਜ਼ ਉੱਤੇ ਜੇ ਟੈਕਸ ਘਟਾ ਦਿੱਤੇ ਜਾਣ ਤਾਂ ਹੋ ਸਕਦਾ ਹੈ ਉਨ੍ਹਾਂ ਦੀ ਘਟੀ ਕੀਮਤ ਸਦਕਾ ਉਨ੍ਹਾਂ ਵੱਲ ਵੀ ਕੁੱਝ ਬੱਚੇ ਖਿੱਚੇ ਜਾਣ!
ਟੈਲੀਵਿਜ਼ਨ ਤੇ ਅਖ਼ਬਾਰਾਂ ਰਾਹੀਂ ਜਾਣਕਾਰੀ ਅਤੇ ਇਸ਼ਤਿਹਾਰ ਦੇ ਕੇ ਬੱਚਿਆਂ ਨੂੰ ਸੰਤੁਲਿਤ ਖ਼ੁਰਾਕ ਵੱਲ ਪ੍ਰੇਰਿਆ ਜਾ ਸਕਦਾ ਹੈ। ਸਬਜ਼ੀਆਂ ਦਾਲਾਂ, ਫਲੀਆਂ, ਫਲ, ਮਲਟੀਗ੍ਰੇਨ (ਵੱਖੋ ਵੱਖ ਤਰ੍ਹਾਂ ਦੇ ਅੰਨ ਤੋਂ ਬਣੀਆਂ ਚੀਜ਼ਾਂ) ਖਾਣੇ, ਆਦਿ ਦਿਲਖਿਚਵੇਂ ਤਰੀਕੇ ਨਾਲ ਬਣਾ ਕੇ ਇਸ਼ਤਿਹਾਰਾਂ ਰਾਹੀਂ ਵਿਖਾਉਣ ਨਾਲ ਬੱਚਿਆਂ ਨੂੰ ਆਪਣੇ ਵਲ ਖਿੱਚ ਸਕਦੇ ਹਨ।
ਦੂਜੇ ਪਾਸੇ ਅਸੰਤੁਲਿਤ ਖ਼ੁਰਾਕ ਉੱਤੇ ਟੈਕਸ ਵਧਾ ਕੇ ਘੱਟੋ ਘਟ ਕੁੱਝ ਘਰਾਂ ਦੇ ਬੱਚਿਆਂ ਨੂੰ ਤਾਂ ਮਹਿੰਗੇ ਹੋਣ ਸਦਕਾ ਅਜਿਹੇ ਖਣਿਆਂ ਤੋਂ ਪਰ੍ਹਾਂ ਧੱਕਿਆ ਜਾ ਸਕਦਾ ਹੈ।
ਚੌਥੀ ਜ਼ਰੂਰੀ ਗੱਲ ਹੈ – ‘‘ਨਿਊਟਰੀਸ਼ਨਲ ਲੇਬਲਿੰਗ’’।    ਸਰਕਾਰੀ ਪੱਧਰ ਉੱਤੇ ਲਾਜ਼ਮੀ ਕਰ ਦੇਣਾ ਚਾਹੀਦਾ ਹੈ ਕਿ ਹਰ ਤਰ੍ਹਾਂ ਦੇ ਫਾਸਟ ਫੂਡ ਦੇ ਕੀਮਤ ਵਾਲੇ ਕਾਗਜ਼, ਮੀਨੂੰ, ਖਾਣੇ ਨੂੰ ਲਪੇਟਣ ਵਾਲੇ ਰੈਪਰ, ਜਾਂ ਬੋਰਡ ਉੱਤੇ ਨਾਲ ਹੀ ਉਸ ਵਿਚਲੀ ਖੰਡ ਦੀ ਮਾਤਰਾ, ਥਿੰਦਾ, ਟਰਾਂਸ ਫੈਟ, ਸੈਚੂਰੇਟਿਡ ਥਿੰਦਾ, ਸੋਡੀਅਮ (ਲੂਣ) ਤੇ ਪ੍ਰੋਟੀਨ ਆਦਿ ਦੀ ਮਾਤਰਾ ਨੂੰ ਵੀ ਸਪਸ਼ਟ ਕੀਤਾ ਜਾਏ। ਹਰ ਫਾਸਟ ਫੂਡਜ਼ ਅਤੇ ਜੰਕ ਫੂਡਜ਼ ਰੈਸਟੋਰੈਂਟ ਵਿਚ ਕੁੱਝ ਕੁ ਸੰਤੁਲਿਤ ਖ਼ੁਰਾਕ ਵਾਲੇ ਫਾਸਟ ਫੂਡਜ਼ ਵੀ ਸ਼ਾਮਲ ਹੋਣੇ ਚਾਹੀਦੇ ਹਨ ਤਾਂ ਜੋ ਬੱਚੇ  ਆਪਣੇ ਹਾਣੀਆਂ ਨਾਲ ਵੀ ਉੱਥੇ ਬਹਿ ਕੇ ਆਪਣਾ ਮਨਪਸੰਦ ਅਤੇ ਸਿਹਤਮੰਦ ਖਾਣਾ ਲੈ ਸਕਣ।
ਤਿੰਨ ਤੋਂ 6 ਸਾਲ ਦੇ ਬੱਚਿਆਂ ਦੇ ਮਾਪਿਆਂ ਉੱਤੇ ਕੀਤੀ ਖੋਜ ਨੇ ਜ਼ਾਹਰ ਕੀਤਾ ਹੈ ਕਿ ਮਾਪਿਆਂ ਨੂੰ ਜੇ ਸੰਤੁਲਿਤ ਤੇ ਸਿਹਤਮੰਦ ਖ਼ੁਰਾਕ ਬਾਰੇ ਦੱਸਿਆ ਜਾਵੇ ਤਾਂ ਅਜਿਹੇ ਫਾਸਟ ਫੂਡਜ਼ ਨੂੰ ਉਹ ਆਪਣੇ ਬੱਚਿਆਂ ਨੂੰ ਦੇਣ ਨੂੰ ਤਰਜੀਹ ਦਿੰਦੇ ਹਨ, ਜਿਨ੍ਹਾਂ ਵਿਚ ਘਟ ਕੈਲਰੀਆਂ ਹੋਣ ਤਾਂ ਜੋ ਉਨ੍ਹਾਂ ਦੇ ਬੱਚੇ ਮੋਟਾਪੇ ਤੋਂ ਬਚ ਸਕਣ।
ਜਦੋਂ ਅਜਿਹੀ ਖੋਜ ਪੰਦਰਾਂ ਸੋਲਾਂ ਸਾਲ ਦੇ ਬੱਚਿਆਂ ਉੱਤੇ ਕੀਤੀ ਗਈ ਤਾਂ ਉਨ੍ਹਾਂ ਜਵਾਨ ਹੋ ਰਹੇ ਬੱਚਿਆਂ ਵਿੱਚੋਂ ਕਿਸੇ ਨੇ ਵੀ ਸੰਤੁਲਿਤ ਖ਼ੁਰਾਕ ਵੱਲ ਧਿਆਨ ਨਾ ਦਿੱਤਾ। ਸਪਸ਼ਟ ਹੋ ਗਿਆ ਕਿ ਜੇ ਬੱਚੇ ਨੂੰ ਸਹੀ ਖਾਣ ਪੀਣ ਦੀਆਂ ਆਦਤਾਂ ਪਾਉਣੀਆਂ ਹਨ ਤਾਂ ਉਹ ਛੋਟੀ ਉਮਰ ਵਿਚ ਹੀ ਪਾਉਣੀਆਂ ਪੈਣੀਆਂ ਹਨ ਕਿਉਂਕਿ ਵੱਡੇ ਹੋਈ ਜਾਣ ਉੱਤੇ ਸੁਆਦ ਦੀ ਪਕਿਆਈ ਬੱਚੇ ਨੂੰ ਢੀਠ ਬਣਾ ਦਿੰਦੀ ਹਨ।
ਅਮਰੀਕਾ ਵਿਚ ਕੁੱਝ ਫਾਸਟ ਫੂਡਜ਼ ਵਾਲੇ ਰੈਸਟੋਰਾਂ ਵਾਲਿਆਂ ਨੇ ਸ਼ੁਰੂ ਸ਼ੁਰੂ ਵਿਚ ਸੰਤੁਲਿਤ ਖ਼ੁਰਾਕ ਵਾਲੇ ਖਾਣੇ ਰੱਖਣ ਤੋਂ ਨਾਂਹ ਕਰ ਦਿੱਤੀ ਸੀ ਕਿ ਇਸ ਤਰ੍ਹਾਂ ਉਨ੍ਹਾਂ ਨੂੰ ਘਾਟਾ ਪੈ ਜਾਏਗਾ। ਪਰ, ਘਟ ਥਿੰਦੇ ਵਾਲੇ ਖਾਣਿਆਂ ਦੀ ਵਿਕਰੀ ਵੇਖਦੇ ਹੋਏ, ਬਹੁਗਿਣਤੀ ਰੈਸਟੋਰਾਂ ਵਾਲਿਆਂ ਨੇ ਅਜਿਹੇ ਖਾਣੇ ਰਖਣੇ ਸ਼ੁਰੂ ਕਰ ਦਿੱਤੇ ਹੋਏ ਹਨ ਤੇ ਉਨ੍ਹਾਂ ਦੀ ਵਿਕਰੀ ਘਟਣ ਦੀ ਬਜਾਏ ਵਧ ਗਈ ਹੋਈ ਹੈ।
ਸ਼ਾਇਦ ਸਾਡੀਆਂ ਸਰਕਾਰਾਂ ਇਹ ਸੋਚਣ ਕਿ ਫਾਸਟ ਫੂਡਜ਼ ਬਾਰੇ ਜਾਂ ਆਪਣੇ ਬੱਚਿਆਂ ਦੀ ਸਿਹਤ ਠੀਕ ਰੱਖਣ ਲਈ ਕੋਈ ਪਾਲਿਸੀ ਨਹੀਂ ਬਣਾਈ ਜਾ ਸਕਦੀ! ਅੰਤਰਰਾਸ਼ਟਰੀ ਪੱਧਰ ਉੱਤੇ ਤਾਂ ਮੀਡੀਆ ਵਿਚ ਵੀ ਇਸ਼ਤਿਹਾਰਬਾਜ਼ੀ ਵਿਚ ਸੰਤੁਲਿਤ ਅਤੇ ਸਿਹਤਮੰਦ ਖ਼ੁਰਾਕ ਉੱਤੇ ਜ਼ੋਰ ਪਾਉਣ ਅਤੇ ਚੈੱਕ ਰੱਖਣ ਲਈ ਕਨਫੈਡਰੇਸ਼ਨ ਆਫ ਫੂਡ ਅਤੇ ਡਰਿੰਕ ਇੰਡਸਟਰੀਜ਼ ਆਫ ਯੂਰਪ (3911) ਅਤੇ ਯੂਨੀਅਨ ਆਫ ਯੂਰੋਪੀਅਨ ਬੀਵਰੇਜ ਐਸੋਸੀਏਸ਼ਨ (”N5S41) ਸਰਗਰਮ ਹਨ। ਇਨ੍ਹਾਂ ਐਸੋਸੀਏਸ਼ਨਾਂ ਵਿੱਚੋਂ ਸੀ.ਆਈ.ਏ.ਏ. ਸਰਕਾਰੀ ਹੈ ਅਤੇ ਇਸ ਦਾ ਕੰਮ ਹੁੰਦਾ ਹੈ ਹਰ ਇਸ਼ਤਿਹਾਰ ਉੱਤੇ ਨਜ਼ਰ ਰੱਖਣੀ ਕਿ ਉਸ ਵਿਚ ਪੂਰੀਆਂ ਕੈਲਰੀਆਂ, ਥਿੰਦਾ, ਖੰਡ, ਆਦਿ ਦੀ ਜਾਣਕਾਰੀ ਛਪੀ ਹੋਵੇ ਤੇ ਉਸ ਵਿਚਲੇ ਸਾਰੇ ਅੰਸ਼ ਸਪਸ਼ਟ ਕੀਤੇ ਹੋਣ। ਇਹ ਵੀ ਜ਼ੋਰ ਪਾਇਆ ਜਾਂਦਾ ਹੈ ਕਿ ਘਟ ਕੀਮਤ ਵਿਖਾ ਕੇ ਜ਼ਿਆਦਾ ਖਾਣ ਲਈ ਉਤਸ਼ਾਹਤ ਨਾ ਕੀਤਾ ਜਾਵੇ ਤਾਂ ਜੋ ਜ਼ਿਆਦਾ ਕੈਲਰੀਆਂ ਬੱਚੇ ਅੰਦਰ ਨਾ ਜਾਣ। ਸਿਹਤਮੰਦ ਖਾਣੇ ਅਤੇ ਫਾਸਟ ਫੂਡਜ਼ ਵਿਚ ਆਕਰਸ਼ਿਤ ਰੂਪ ਵਿਚ ਪੱਤੇਦਾਰ ਸਬਜ਼ੀਆਂ ਵਿਖਾਉਣੀਆਂ ਜ਼ਰੂਰੀ ਹਨ।
ਨਿੱਕੇ ਬੱਚਿਆਂ ਨੂੰ ਆਕਰਸ਼ਿਤ ਕਰਨ ਅਤੇ ਇਸ਼ਤਿਹਾਰਾਂ ਵਿਚ ਨਿੱਕੇ ਬੱਚਿਆਂ ਨੂੰ ਸ਼ਾਮਲ ਕਰਨ ਉੱਤੇ ਮਨਾਹੀ ਹੈ ਤਾਂ ਜੋ ਛੋਟੇ ਬੱਚਿਆਂ ਦੇ ਮਨਾਂ ਵਿਚ ਖਾਣਿਆਂ ਪ੍ਰਤੀ ਵਿਗਾੜ ਨਾ ਪਵੇ ਅਤੇ ਉਹ ਮਾਪਿਆਂ ਉੱਤੇ ਅਜਿਹੇ ਖਾਣੇ ਖਰੀਦ ਕੇ ਦੇਣ ਲਈ ਜ਼ੋਰ ਨਾ ਪਾਉਣ।
ਭਾਰਤ ਵਿਚ ਵੀ 1994 ਤੋਂ ਇੰਡੀਆ ਕੇਬਲ ਟੈਲੀਵਿਜ਼ਨ ਨੈੱਟਵਰਕ ਐਕਟ ਰਾਹੀਂ ਐਡਵਰਟਾਈਜ਼ਿੰਗ ਸਟੈਂਡਰਡ ਕਾਊਂਸਲ ਔਫ ਇੰਡੀਆ (1S39) ਮੀਡੀਆ ਵਿਚਲੇ ਰੂਲਾਂ ਉੱਤੇ ਨਜ਼ਰ ਰੱਖਣ ਲਈ ਬਣੀ ਹੋਈ ਹੈ।
ਮੀਡੀਆ ਵਿਚ ਕਿਸੇ ਚੀਜ਼ ਨੂੰ ਪ੍ਰੋਤਸਾਹਿਤ ਕਰਨ ਲਈ ਮਨਿਸਟਰੀ ਆਫ ਇਨਫਾਰਮੇਸ਼ਨ ਅਤੇ ਬਰਾਡਕਾਸਟਿੰਗ ਵਿੱਚੋਂ ਮਨਜ਼ੂਰੀ ਲੈਣੀ ਪੈਂਦੀ ਹੈ।
ਜੋ ਹਾਲ ਭਾਰਤ ਵਿਚਲੇ ਬੱਚਿਆਂ ਵਿਚ ਵਧ ਰਹੇ ਮੋਟਾਪੇ ਦਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ। ਹਰ ਇਸ਼ਤਿਹਾਰ ਵਿਚ ਨਿੱਕੇ ਬੱਚਿਆਂ ਨੂੰ ਮੋਹ ਲੈਣ ਦਾ ਸਿਲਸਿਲਾ ਚਾਲੂ ਹੋਇਆ ਪਿਆ ਹੈ ਅਤੇ ਵੱਡੀ ਮਾਤਰਾ ਵਿਚ ਫਾਸਟ ਫੂਡਜ਼ ਲੈਣ ਉੱਤੇ ਘਟ ਕੀਮਤ ਦਰਸਾ ਕੇ ਬੱਚਿਆਂ ਤੇ ਮਾਪਿਆਂ ਨੂੰ ਅਜਿਹੇ ਖਾਣਿਆਂ ਵਲ ਬਦੋਬਦੀ ਧੱਕੇ ਜਾਣ ਲਈ ਮਜਬੂਰ ਕੀਤਾ ਜਾਂਦਾ ਹੈ।
ਜੇ ਸਰਕਾਰਾਂ ਨੂੰ ਆਪਣੀ ਆਉਣ ਵਾਲੀ ਪੌਦ ਨੂੰ ਸਿਹਤਮੰਦ ਰੱਖਣ ਦਾ ਫ਼ਿਕਰ ਹੈ, ਤਾਂ ਕੁੱਝ ਹਦਾਇਤਾਂ ਤਾਂ ਹਰ ਹਾਲ ਵਿਚ ਲਾਗੂ ਕਰਨੀਆਂ ਹੀ ਪੈਣੀਆਂ ਹਨ।
ਫਾਸਟ ਫੂਡਜ਼ ਵਾਲੀਆਂ ਕੰਪਨੀਆਂ ਦੇ ਇਸ਼ਤਿਹਾਰਾਂ ਵਿਚਲੇ ਖਾਣੇ ਦੇ ਸਾਰੇ ਅੰਸ਼ ਖਾਣੇ ਉੱਪਰ ਸਪਸ਼ਟ ਕੀਤੇ ਜਾਣ।
ਨਿੱਕੇ ਬੱਚਿਆਂ ਨੂੰ ਅਜਿਹੇ ਇਸ਼ਤਿਹਾਰਾਂ ਵਿਚ ਸ਼ਾਮਲ ਨਾ ਕੀਤਾ ਜਾਵੇ।
ਵੱਡੀ ਮਾਤਰਾ ਦੇ ਖਾਣਿਆਂ ਉੱਤੇ ਘਟ ਕੀਮਤ ਵਿਖਾ ਕੇ ਖਿੱਚ ਨਾ ਪਾਈ ਜਾਵੇ।
ਘਟ ਥਿੰਦੇ ਵਾਲੇ ਖਾਣਿਆਂ ਨੂੰ ਹਰ ਮੀਨੂ ਵਿਚ ਸ਼ਾਮਲ ਕੀਤਾ ਜਾਵੇ।
ਸਿਹਤਮੰਦ ਖ਼ੁਰਾਕ ਬਾਰੇ ਜਾਣਕਾਰੀ ਦੇ ਪਰਚੇ ਹਰ ਅਜਿਹੀ ਖਾਣੇ ਦੀ ਦੁਕਾਨ ਉੱਤੇ ਚਿਪਕਾਏ ਜਾਣ ਜਿਵੇਂ ਸਿਗਰਟ ਦੇ ਹਾਨੀਕਾਰਕ ਹੋਣ ਬਾਰੇ ਲਾਏ ਜਾ ਰਹੇ ਹਨ।
ਨਿੱਕੇ ਬੱਚਿਆਂ ਦੇ ਸਕੂਲਾਂ ਵਿਚ ਖਾਣ ਦੇ ਡੱਬਿਆਂ ਵਿਚ ਨੂਡਲਜ਼, ਬਰਗਰ ਆਦਿ ਲਿਜਾਣ  ਦੀ ਉੱਕਾ ਹੀ ਮਨਾਹੀ ਹੋਣੀ ਚਾਹੀਦੀ ਹੈ।
ਹਰ ਸਕੂਲ ਵਿਚ ਸਾਲ ਵਿਚ ਦੋ ਵਾਰ ਸੰਤੁਲਿਤ ਅਤੇ ਸਿਹਤਮੰਦ ਖ਼ੁਰਾਕ ਦੀ ਮਹਤੱਤਾ ਬਾਰੇ ਲੈਕਚਰ ਕਰਵਾਉਣੇ ਲਾਜ਼ਮੀ ਹੋਣੇ ਚਾਹੀਦੇ ਹਨ।
ਸਕੂਲ ਦੇ ਪਾਠ´ਮ ਵਿਚ ਸੰਤੁਲਿਤ ਖ਼ੁਰਾਕ ਬਾਰੇ ਜਾਣਕਾਰੀ ਸ਼ਾਮਲ ਹੋਣੀ ਚਾਹੀਦੀ ਹੈ।
ਸਖ਼ਤ ਕਾਨੂੰਨਾਂ ਰਾਹੀਂ ਕੰਪਨੀਆਂ ਵੱਲੋਂ ਕੀਤੀਆਂ ਜਾ ਰਹੀਆਂ ਉਲੰਘਣਾਵਾਂ ਅਤੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਨ ਸਦਕਾ ਸਜ਼ਾ ਮਿਲਣੀ ਜਾਂ ਦੁਕਾਨਾਂ ਦਾ ਲਾਇਸੈਂਸ ਰੱਦ ਕਰਨ ਦੀ ਲੋੜ ਹੈ ਤਾਂ ਜੋ ਬੱਚਿਆਂ ਨੂੰ ਬੇਵਜ੍ਹਾ ਅਜਿਹੇ ਇਸ਼ਤਿਹਾਰਾਂ ਵਿਚ ਨਾ ਘੜੀਸਿਆ ਜਾਵੇ।
ਜਦੋਂ ਤਕ ਸਰਕਾਰ ਨਹੀਂ ਜਾਗਦੀ, ਉਦੋਂ ਤਕ ਘੱਟੋ ਘਟ ਕੁੱਝ ਕਦਮ ਤਾਂ ਮਾਪੇ ਹੀ ਆਪ ਪੁਟ ਸਕਦੇ ਹਨ, ਜਿਸ ਸਦਕਾ ਜੰਕ ਫੂਡਜ਼ ਤੋਂ ਬੱਚਿਆਂ ਨੂੰ ਬਚਾਇਆ ਜਾ ਸਕਦਾ ਹੈ।
1.    ਬੱਚਿਆਂ ਵਾਸਤੇ ਰੰਗ ਬਿਰੰਗੀਆਂ ਪੱਤੇਦਾਰ ਸਬਜ਼ੀਆਂ ਤੇ ਫਲਾਂ ਨੂੰ ਪਲੇਟ ਵਿਚ ਸਜਾ ਕੇ ਸੋਹਣੇ     ਤਰੀਕੇ ਪੇਸ਼ ਕਰਨ ਨਾਲ ਬੱਚੇ ਅਜਿਹੇ ਭੋਜਨ ਵੱਲ ਖਿੱਚੇ ਜਾਂਦੇ ਹਨ।
2.    ਆਈਸ´ੀਮ, ਚਾਕਲੇਟ ਜਾਂ ਹੋਰ ਮਠਿਆਈਆਂ ਨਾਲੋਂ ਘਟ ਕੈਲਰੀਆਂ ਵਾਲਾ ਫਲਾਂ ਵਾਲਾ ਦਹੀਂ     ਸਵੀਟਡਿਸ਼ ਵਜੋਂ ਵਰਤਿਆ ਜਾ ਸਕਦਾ ਹੈ।
3.    ਠੰਢੇ ਮਿੱਠੇ ਸੋਡਿਆਂ ਨਾਲੋਂ ਖੋਪੇ ਦਾ ਪਾਣੀ,  ਨਿੰਬੂ ਪਾਣੀ ਜਾਂ ਤਾਜ਼ੇ ਫਲਾਂ ਦਾ ਰਸ ਵਰਤਿਆ ਜਾ ਸਕਦਾ ਹੈ।
4.    ਤਲੀਆਂ ਜਾਂ ਫਰਾਈ ਕੀਤੀਆਂ ਚੀਜ਼ਾਂ ਨਾਲੋਂ ਤਾਜ਼ੇ ਗਰਿਲ ਕੀਤੇ ਸੈਂਡਵਿੱਚ ਵਰਤ ਲੈਣੇ     ਚਾਹੀਦੇ ਹਨ।
5.    ਇਸੇ ਹੀ ਤਰ੍ਹਾਂ ਮੀਟ ਜਾਂ ਚਿਕਨ ਖਾਣ ਲੱਗਿਆਂ ਵੀ ਫਰਾਈ ਨਾਲੋਂ ਬੇਕ ਕਰ ਕੇ,  ਉਬਾਲ ਕੇ ਜਾਂ     ਗਰਿਲ ਕਰ ਕੇ ਖਾਣ ਨਾਲ ਕੈਲਰੀਆਂ ਘਟਾਈਆਂ ਜਾ ਸਕਦੀਆਂ ਹਨ।
6.    ਬੱਚਿਆਂ ਨੂੰ ਸੌਗਾਤ ਵਜੋਂ ਜਾਂ ਇਨਾਮ ਵਜੋਂ ਚਾਕਲੇਟ, ਟਾਫੀਆਂ ਉੱਕਾ ਹੀ ਨਹੀਂ ਦੇਣੀਆਂ ਚਾਹੀਦੀਆਂ।
7.    ‘ਮੈਗਾ ਮੀਲ’ ਜਾਂ ‘ਕੌਂਬੋ ਮੀਲ’ ਦੇ ਇਸ਼ਤਿਹਾਰਾਂ ਤੋਂ ਬਚ ਕੇ ਲੋੜ ਪੈਣ ਉੱਤੇ ਸਿਰਫ ਨਾਰਮਲ               ‘ਛੋਟਾ ਮੀਲ’ ਹੀ ਫਾਸਟ ਫੂਡ ਜਾਇੰਟ ਵਿਚ ਲੈਣਾ ਚਾਹੀਦਾ ਹੈ।
8.    ਜਦੋਂ ਘਰੋਂ ਬਾਹਰ ਖਾਣਾ ਮਜਬੂਰੀ ਹੋਵੇ, ਤਾਂ ਬਹੁਤਾ ਕਰੀਮ ਵਾਲਾ ਜਾਂ ਜ਼ਿਆਦਾ ਮਿਰਚਾਂ ਵਾਲਾ     ਖਾਣਾ ਖਾਣ ਤੋਂ ਪਰਹੇਜ਼ ਕਰਨ ਦੀ ਲੋੜ ਹੈ।
9.    ਘਰੋਂ ਬਾਹਰ ਰੋਟੀ ਖਾਣ ਵੇਲੇ ਵੀ ਨਾਨ ਨਾਲੋਂ ਤੰਦੂਰੀ ਰੋਟੀ ਜ਼ਿਆਦਾ ਸਿਹਤਮੰਦ ਹੁੰਦੀ ਹੈ।
10.    ਡੀਪ ਫਰਾਈ ਜਾਂ ਖੌਲਦੇ ਖੁੱਲ੍ਹੇ ਤੇਲ ਵਿਚ ਤਲੀ ਚੀਜ਼ ਨਾਲੋਂ ਘੱਟ ਤਲੀ ਚੀਜ਼ ਫਿਰ ਵੀ ਕੁੱਝ ਠੀਕ     ਰਹਿੰਦੀ ਹੈ। ਇਸ ਨਾਲ ਥਿੰਦੇ ਦੀ ਮਾਤਰਾ ਕੁੱਝ ਘਟ ਜਾਂਦੀ ਹੈ।
11.    ਜਿਹੜਾ ਪੂੜੀ ਤਲਣ ਲਈ ਆਟਾ ਗੁੰਨ੍ਹਣਾ ਹੁੰਦਾ ਹੈ, ਉਸ ਵਿਚ ਤੇਲ ਜਾਂ ਘਿਓ ਨਾ ਪਾਇਆ ਜਾਏ ਤਾਂ ਵੀ ਘਿਓ ਦੀ ਕੁੱਝ ਮਾਤਰਾ ਹੋਰ ਘਟਾਈ ਜਾ ਸਕਦੀ ਹੈ।
ਇਨ੍ਹਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣ ਨਾਲ ਅਸੀਂ ਆਪਣੇ ਬੱਚਿਆਂ ਦੀ ਸਿਹਤ ਠੀਕ ਰੱਖ ਸਕਦੇ ਹਾਂ।
ਕੀ ਏਨਾ ਪੜ੍ਹ ਕੇ ਹਾਲੇ ਵੀ ਤੁਹਾਡਾ ਮਨ ਤੁਹਾਨੂੰ ਉਕਸਾਉਂਦਾ ਨਹੀਂ ਕਿ ਆਪਣੇ ਲਈ ਨਾ ਸਹੀ ਪਰ ਆਪਣੇ ਬੱਚਿਆਂ ਵਾਸਤੇ ਹੀ ਆਵਾਜ਼ ਚੁੱਕੀਏ ਤਾਂ ਜੋ ਉਹ ਬੀਮਾਰ ਨਾ ਹੋਣ ਅਤੇ ਲੰਬੀ ਜ਼ਿੰਦਗੀ ਭੋਗ ਸਕਣ?
ਜੇ ਮਨ ਵਿਚ ਕੋਈ ਲਹਿਰ ਉੱਠੀ ਹੈ ਤਾਂ ਉਸ ਨੂੰ ਦੱਬਣ ਨਾ ਦਿਓ ਬਲਕਿ ਹਨੇਰੀ ਬਣ ਜਾਣ ਦਿਓ ਜੋ ਸਰਕਾਰ ਨੂੰ ਮਜਬੂਰ ਕਰੇ ਕਿ ਅਜਿਹੇ ਸਖ਼ਤ ਕਾਨੂੰਨ ਲਾਗੂ ਹੋਣ ਜੋ ਸ਼ੁਰੂ ਤੋਂ ਹੀ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੋਣ ਤੋਂ ਰੋਕ ਸਕਣ।

ਡਾ. ਹਰਸ਼ਿੰਦਰ ਕੌਰ
ਸੰਪਰਕ: 0175-2216783

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ 





Post Comment


ਗੁਰਸ਼ਾਮ ਸਿੰਘ ਚੀਮਾਂ